ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ
ਦਿਲ ਦੀ ਜਮੀਨ 'ਤੇ ਇਹ ਨਿਸ਼ਾਨ ਕਿਸਦੇ ਨੇ .

शुक्रवार, दिसंबर 16, 2011

ਕਵਿਤਾ


                                           ਧੀ ਰਾਣੀ                      

             ਨਿੱਕੀ ਜਿਹੀ ਬਾਲੜੀ , ਨਾਂ ਉਹਦਾ ਨੋਰੀਨ  
             ਕਰੇ  ਓਹ  ਫੈਸ਼ਨ , ਹੈ  ਬਹੁਤ  ਸ਼ੌਕੀਨ   ।

             ਕਦੇ ਮੰਗੇ ਚੂੜੀਆਂ , ਕਦੇ ਮੰਗਦੀ ਕੜੇ
             ਵੱਡੇ ਵੀਰ ਦੇ ਨਾਲ , ਹਰ ਗੱਲ 'ਤੇ ਲੜੇ ।

             ਭਾਂਵੇਂ ਲੜਦੀ ਸਦਾ , ਉੰਜ ਪਿਆਰ ਕਰੇ 
             ਖੁਦ ਖਾਵੇ ਜਦ ਵੀ , ਹਿੱਸਾ ਵੀਰੇ ਦਾ ਧਰੇ ।

            ਛੋਟਾ ਵੀਰ ਉਸਨੂੰ , ਜਾਨ ਤੋਂ ਪਿਆਰਾ ਏ 
            ਰੌਂਦਾ ਦੇਖ ਉਸਦਾ , ਚੜ੍ਹ ਜਾਂਦਾ ਪਾਰਾ ਏ ।

            ਗੁੱਸਾ ਰਹਿੰਦਾ ਸਦਾ , ਉਸਦੇ ਨੱਕ ਤੇ ਹੈ 
            ਬੇਮਤਲਬ  ਕਦੇ , ਆਪਣੇ ਹੱਕ ਤੇ ਹੈ ।

            ਹੱਕ ਓਹ ਜਾਣਦੀ , ਜਾਣੇ ਫਰਜ ਨਹੀਂ 
            ਜਰੂਰੀ ਨੇ ਫਰਜ , ਇਨ੍ਹੀ ਸਮਝ ਨਹੀਂ ।

            ਉਮਰ ਅਜੇ ਥੋੜ੍ਹੀ , ਦਿਨ ਖਾਣ-ਪਾਣ ਦੇ 
            ਪੜ੍ਹਨ ਦੇ ਜਾਂ ਫਿਰ , ਖੇਡਣ-ਖਿੜਾਣ ਦੇ ।

            ਟੀ.ਵੀ. ਮੈਂ ਵੇਖਣਾ ਹੈ , ਇਸ ਉੱਤੇ ਅੜਦੀ 
            ਪੜ੍ਹਨ  ਵੇਲੇ  ਪਰ , ਮਨ  ਲਾਕੇ  ਪੜ੍ਹਦੀ ।

            ਕਲਾਸ ਵਿਚ ਓਹ , ਅੱਬਲ ਹੈ ਰਹਿੰਦੀ 
            ਬਣੂੰਗੀ ਮੈਂ ਮੈਡਮ , ਸਦਾ ਇਹ ਕਹਿੰਦੀ ।

            ਥੋੜੀ ਜਿਹੀ ਸ਼ੈਤਾਨ , ਥੋੜੀ ਜਿਹੀ ਸਿਆਣੀ 
            ਬੜੀ ਪਿਆਰੀ ਲੱਗੇ , ਮੈਨੇ ਇਹ ਧੀ ਰਾਣੀ । 


                           * * * * *

शुक्रवार, दिसंबर 02, 2011

ਕੁੰਡਲੀ
       ਨਿੱਕੇ-ਨਿੱਕੇ ਬਾਲ ਨੇ , ਮਿੱਠੇ- ਮਿੱਠੇ ਬੋਲ 
       ਲੈਂਦੇ ਮਨ ਮੋਹ ਇਹ , ਦਿੰਦੇ ਮਿਸਰੀ ਘੋਲ ।
ਦਿੰਦੇ ਮਿਸਰੀ ਘੋਲ ਲੱਗਦੇ ਬੜੇ ਪਿਆਰੇ 
       ਹੁੰਦੇ ਘਰ ਦੀ ਸ਼ਾਨ , ਜਿਵੇਂ ਅੰਬਰ ਦੇ ਤਾਰੇ ।

   
       ਬਰਾਬਰ ਕੌਣ ਵਿਰਕ , ਰੰਗ ਨੇ ਸਾਰੇ ਫਿੱਕੇ 
       ਕਲ ਦੇ ਨੇ ਉਸਤਾਦ , ਬਾਲ ਇਹ ਨਿੱਕੇ-ਨਿੱਕੇ ।


                      * * * * *
       

मंगलवार, नवंबर 15, 2011

ਅਗਜਲ - 5


  ਮੇਰੇ ਦਿਲ ਦੀਏ ਪੀੜੇ ਚੁੱਪ ਕਰ ਜਾ, ਤੇਰੀ ਦਵਾ ਨਹੀਂ 
  ਇੱਥੇ ਕੌਣ ਸੁਣੇਗਾ ਤੇਰੀ, ਜਦ ਸੁਣਦਾ ਖੁਦਾ ਨਹੀਂ ।

  ਮੰਨਿਆ ਦੁਨਿਆ ਕੌਲ ਦੌਲਤਾਂ ਨੇ ਜਹਾਨ ਭਰ ਦੀਆਂ
  ਪਰ ਇਹ ਵੀ ਸਚ ਹੈ ਯਾਰੋ, ਲੋਕਾਂ ਕੋਲ ਹੁਣ ਵਫ਼ਾ ਨਹੀਂ ।
  
  ਆਪਣੀਆਂ ਗਲਤੀਆਂ ਤੋਂ ਤੂੰ ਕੁਝ ਤਾਂ ਸਬਕ ਲਿਆ ਹੁੰਦਾ 
  ਇਹ ਤਾਂ ਸੋਚਣਾ ਸੀ ਕਿ ਮਾਫ਼ੀ ਮਿਲਦੀ ਹਰ ਦਫ਼ਾ ਨਹੀਂ ।

  ਹੈਰਾਨੀ ਦੀ ਇਸ ਗੱਲ ਤੇ ਮੈਂ ਵੀ ਸੋਚਾਂਗਾ ਤੂੰ ਵੀ ਸੋਚੀਂ ਜਰੂਰ
  ਕਿਓਂ ਇੱਕ ਨਾ ਹੋਏ ਜਦੋਂ ਸਾਡੇ ਦਰਮਿਆਨ ਫਾਸਿਲ ਨਹੀਂ ।

  ਕਿਸ-ਕਿਸ ਨਾਲ ਲੜਾਂ 'ਵਿਰਕ' ਤੇ ਕਿੰਨੀ-ਕਿੰਨੀ ਬਾਰ ਲੜਾਂ
  ਸਚ ਲਈ ਹਰ ਕਿਸੇ ਨਾਲ ਲੜਣ ਦਾ ਹੁਣ ਹੌਂਸਲਾ ਨਹੀਂ ।

                      * * * * *
( ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੀ ਮਾਸਿਕ ਮੈਗਜ਼ੀਨ ਸ਼ਬਦ ਬੂੰਦ ਦੇ ਨਵੰਬਰ 2011 ਦੇ ਅੰਕ ਵਿਚ ਪ੍ਰਕਾਸ਼ਿਤ )

                     * * * * *
   

मंगलवार, अक्तूबर 25, 2011

ਹਾਇਕੁ - 6

       ਰਾਤ ਹਨੇਰੀ 
         ਰੌਸ਼ਨ ਸਾਰਾ ਜੱਗ 
         ਆਈ ਦਿਵਾਲੀ ।
          
          ਹਾਰੇ ਹਨੇਰਾ 
    ਜਿੱਤ ਜਾਵੇ ਚਾਨਣ
    ਕਹੇ ਦਿਵਾਲੀ ।

बुधवार, अक्तूबर 12, 2011

ਗੀਤ - 5

ਮੇਰੇ ਗੀਤਾਂ ਦੀ ਉਮਰ ਲਮੇਰੀ ਹੋ ਜਾਏ , ਜੇ ਹੁੰਗਾਰਾ ਤੂੰ ਭਰੇਂ
ਦਿਲ ਦੀ ਦੌਲਤ ਸਾਰੀ, ਤੇਰੀ ਹੋ ਜਾਏ , ਜੇ ਹੁੰਗਾਰਾ ਤੂੰ ਭਰੇਂ .


ਦਿਲ ਸੋਚਦਾ ਤੈਨੂੰ , ਦਿਲ ਲੋਚਦਾ ਤੈਨੂੰ 
ਤੇਰੇ ਸਿਵਾ ਸੋਚਣ ਤੋਂ , ਹੈ ਰੋਕਦਾ ਮੈਨੂੰ .
ਮੇਰੇ ਖਾਬਾਂ ਦੀ ਪਰਵਾਜ਼, ਉਚੇਰੀ ਹੋ ਜਾਏ, ਜੇ ਹੁੰਗਾਰਾ ਤੂੰ ਭਰੇਂ 
ਮੇਰੇ ਗੀਤਾਂ ਦੀ ਉਮਰ, ਲਮੇਰੀ ਹੋ ਜਾਏ , ਜੇ ਹੁੰਗਾਰਾ ਤੂੰ ਭਰੇਂ .

ਕੀ ਲੈਣਾਂ ਉਮਰਾਂ ਤੋਂ ,ਜੇ ਪਿਆਰ ਨਾ ਹੋਵੇ 
ਸੁੰਨੀ ਲੱਗੇ ਜਿੰਦਗੀ, ਜੇ ਦਿਲਦਾਰ ਨਾ ਹੋਵੇ .
ਚਾਰ ਦਿਨਾਂ ਦੀ ਜਿੰਦਗੀ, ਬਥੇਰੀ ਹੋ ਜਾਏ, ਜੇ ਹੁੰਗਾਰਾ ਤੂੰ ਭਰੇਂ.
ਮੇਰੇ ਗੀਤਾਂ ਦੀ ਉਮਰ, ਲਮੇਰੀ ਹੋ ਜਾਏ , ਜੇ ਹੁੰਗਾਰਾ ਤੂੰ ਭਰੇਂ .

ਨਹੀਂ ਜਿੱਤਿਆ ਜਾਂਦਾ, ਕਦੇ ਤਲਵਾਰਾਂ ਨਾਲ 
ਜਿੱਤ ਮਿਲਦੀ ਯਾਰ , ਬਸ ਪਿਆਰਾਂ ਨਾਲ .
ਇਹ ਸਾਰੀ ਦੁਨਿਆ 'ਵਿਰਕ', ਮੇਰੀ ਹੋ ਜਾਏ, ਜੇ ਹੁੰਗਾਰਾ ਤੂੰ ਭਰੇਂ
ਮੇਰੇ ਗੀਤਾਂ ਦੀ ਉਮਰ, ਲਮੇਰੀ ਹੋ ਜਾਏ , ਜੇ ਹੁੰਗਾਰਾ ਤੂੰ ਭਰੇਂ .


                           * * * * *

रविवार, सितंबर 11, 2011

ਹਾਇਕੁ - 5

ਮੈਂ ਤੂੰ ਹੋ ਜਾਵਾਂ 
ਓ ਪਿਆਰੇ ਸੱਜਣਾ 
ਤੂੰ ਮੈਂ ਹੋ ਜਾਵੀਂ .

ਹੋਰ ਕੀ ਚਾਵ੍ਹਾਂ ?
ਮਿਟ ਜਾਵੇ ਮੇਰੀ ਮੈਂ
ਰਹੇਂ ਬੱਸ ਤੂੰ .

   * * * * *  

शनिवार, अगस्त 27, 2011

ਅਵਾਮ ਦੀ ਚੁੱਪ

          
                ਬੇਸ਼ਕ਼
            ਅਵਾਮ
            ਚੁੱਪ ਰਹਿੰਦੀ ਹੈ ਅਕਸਰ 
            ਹੁਕਮਰਾਨਾਂ ਦੀਆਂ 
            ਜਿਆਦਤੀਆਂ ਸਹਿੰਦੀਆਂ ਹੋਈਆਂ ਵੀ 
            ਪਰ ਇਸਦੀ ਚੁੱਪੀ ਦਾ 
            ਇਹ ਮਤਲਬ ਨਹੀਂ 
            ਕਿ ਇਹ 
            ਅਜਿਹੀ ਗੂੰਗੀ ਬੋਲੀ ਹੈ 
            ਜਿਸਨੂੰ ਕੋਈ ਖਬਰ ਨਹੀਂ ਹੁੰਦੀ 
            ਦੂਜਿਆਂ ਦੀਆਂ ਚਾਲਾਕੀਆਂ ਦੀ 
            ਨਾ ਹੀ ਇਹ 
            ਅਜਿਹੀ ਕਾਇਰ ਹੈ 
            ਜੋ ਚੁੱਪ ਹੋ ਗਈ ਹੋਵੇ 
            ਝੰਝਟਾਂ ਦੇ ਡਰ ਕਰਕੇ .

            ਹਾਂ ,
            ਇਸਦੀ ਚੁੱਪੀ ਦੇ ਪਿਛੇ
            ਇਹ ਸੋਚ ਹੋ ਸਕਦੀ ਹੈ 
            ਕਿ ਜਦ ਤਕ ਸਰ ਜਾਵੇ 
            ਬਿਨਾਂ ਬੋਲੇ 
            ਨਾਂ ਬੋਲਨਾ ਚੰਗਾ ਹੈ 
            ਬੋਲਣ ਤੋਂ 
            ਪਰ ਇਹ ਨਾਂ ਸੋਚੋ 
            ਇਹ ਸਦਾ ਹੀ ਖਾਮੋਸ਼ ਰਹੇਗੀ 
            ਜਿਸ ਦਿਨ 
            ਬੋਲਨਾ ਜਰੂਰੀ ਹੋਇਆ 
            ਜਿਸ ਦਿਨ 
            ਚੁੱਪੀ ਕਾਇਰਤਾ ਦੀ ਨਿਸ਼ਾਨੀ ਲੱਗੀ 
            ਇਹ ਅਵਾਮ ਬੋਲੇਗੀ 
            ਬੋਲੇਗੀ ਹੀ ਨਹੀਂ 
            ਸਗੋਂ ਗੱਜੇਗੀ,
            ਉਗਲੇਗੀ ਲਾਵਾ 
            ਜਵਾਲਾਮੁਖੀ ਪਰਬਤ ਦੇ ਵਾਂਗ 
            ਉਸ ਸਬ  ਨੂੰ
            ਤਹਿਸ ਨਹਿਸ ਕਰ ਦੇਣ ਦੇ ਲਈ 
            ਜੋ ਵੀ ਕੂੜਾ ਕਚਰਾ ਹੈ 
            ਇਸ ਸਮਾਜ ਵਿਚ .

                    * * * * *

ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਵਲੋਂ 2010 ਵਿਚ ਪ੍ਰਕਾਸ਼ਿਤ ਪੁਸਤਕ  " ਮਹਿਕ ਸਰਸਵਤੀ ਦੀ " ਵਿਚ ਸ਼ਾਮਿਲ 

                    * * * * * 

मंगलवार, अगस्त 09, 2011

ਅਗਜਲ - 4

       ਛੱਡ ਸਾਕ ਜੱਗ ਦੇ ਹੋਇਆ ਇਕੱਲਾ ਏ 
       ਝੱਲਾ ਏ ,ਝੱਲਾ ਏ , ਦਿਲ ਮੇਰਾ ਝੱਲਾ ਏ .

       ਕੁਝ ਹੋਰ ਨ ਦਿਸਦਾ ਮੈਨੂੰ ਤੇਰੇ ਬਿਨ 
       ਮੈਂ ਜਦ ਦਾ ਫੜਿਆ ਤੇਰਾ ਪੱਲਾ ਏ .

       ਅਜਬ ਜਿਹੀ ਮਸਤੀ ਛਾਈ ਦਿਲ ' ਤੇ 
       ਲੱਗਿਆ ਇਸਨੂੰ ਰੋਗ ਅਵੱਲਾ ਏ .

       ਨਾਂ ਚੰਨ ਕਹਾਂ ਉਸਨੂੰ , ਨਾਂ ਕਹਾਂ ਤਾਰਾ 
       ਮੇਰਾ ਮਹਬੂਬ ਸੱਬ ਤੋਂ ਸਵੱਲਾ ਏ .

       ਤੂੰ ਸਾਥ ਹੈਂ ਮੇਰੇ ਤਾਂ ਸਬ ਸਾਥ ਨੇ ਮੇਰੇ
       ਇਹ ਕੌਣ ਕਹੇ ਕਿ ' ਵਿਰਕ ' ਇਕੱਲਾ ਏ.

                    * * * * *  

रविवार, जुलाई 24, 2011

ਹਾਇਕੁ - 4

               
 ਰੱਬ ਨਾਂ ਮਿਲੇ 
 ਤੇਰਾ ਮਿਲਣਾ ਹੀ ਕਾਫੀ ;
 ਤੇਰੀ ਹੀ ਭਾਲ .

 ਤੂੰ ਮਿਲ ਜਾਵੀਂ 
 ਮਿਲ ਜਾਵੇਗੀ ਮੈਨੂੰ 
 ਜੰਨਤ ਇਥੇ .

  * * * * * 

शनिवार, जुलाई 09, 2011

ਗੀਤ - 4

        ਹੋ ਗਿਆ ਹਾਂ ਮੈਂ ਪਾਗਲ 
        ਯਾ ਪਾਗਲ ਹੋਇਆ 
        ਮੇਰਾ ਅਹਸਾਸ ਹੈ .


        ਖੇਡ੍ਹਿਆ ਸੀ ਤੂੰ ਨਾਲ ਮੇਰੇ 
        ਰਹਿ ਗਏ ਤੇਰੇ ਚਾ ਅਧੂਰੇ 
        ਮੇਰੀ ਰੂਹ ਚੱਲੀ ਨਾਲ ਤੇਰੇ 
        ਪਿਛੇ ਬਾਕੀ ਹੈ ਜੋ 
        ਓਹ ਸਾਇਆ ਉਦਾਸ ਹੈ 


        ਸ਼ਿਕਵਾ ਕਿਸ ਨਾਲ ਕਰੀਏ 
        ਤੇਰੇ ਨਾਲ ਅਸੀਂ ਕਿੰਜ ਮਰਿਏ
        ਪਰ ਇਹ ਵਿਛੋੜਾ ਕਿਵੇਂ ਜਰੀਏ 
        ਖਿੰਡ ਗਈ ਹੈ ਖੇਡ ਸਾਰੀ 
        ਨਾ ਬਚੀ ਕੋਈ ਆਸ ਹੈ .


        ਮੰਨਿਆ ਜੱਗ ਨਸ਼ਵਰ ਹੈ 
        ਪਰ ਇਹ ਗੱਲ ਬੇਅਸਰ ਹੈ 
        ਆਪਣਾ ਜਾਵੇ ਜਦੋਂ ਮਰ ਹੈ 
        ਸਜੀ ਹੋਈ ਹੈ ਮਹਫ਼ਿਲ 
        ਤੂੰ ਨਾ ਮੇਰੇ ਪਾਸ ਹੈ 


        ਹੋ ਗਿਆ ਹਾਂ ਮੈਂ ਪਾਗਲ 
        ਯਾ ਪਾਗਲ ਹੋਇਆ 
        ਮੇਰਾ ਅਹਸਾਸ ਹੈ .


               ( ਚਚੇਰੀ ਭੈਣ ਦੇ ਦੇਹਾੰਤ ਤੇ )


               * * * * *

गुरुवार, जून 23, 2011

ਟੱਪੇ - 1

               
                ਸਾਰੇ ਰਾਹ ਵਿੱਚ ਕਿਕਰਾਂ ਨੇ 
                ਅੱਖਾਂ ਮੀਚ ਕੇ ਇਤਬਾਰ ਕੀਤਾ 
                ਕੰਨੀ ਹੱਥ ਲਵਾਏ ਮਿਤਰਾਂ ਨੇ .

                ਦੁਨਿਆ ਮਾਰਦੀ ਏ ਤਾਨੇ ਸੱਜਣਾ 
                ਛੇਤੀ - ਛੇਤੀ ਮੁੜ ਆ ਵਤਨੀ 
                ਕਿਓਂ  ਲਾਓਣਾ ਏ ਬਹਾਨੇ ਸੱਜਣਾ .

                ਕੋਈ - ਕੋਈ ਤਾਰਾ ਏ 
                ਦੇਖੀਂ ਕਿਤੇ ਲੱਗ ਨਾ ਜਾਏ 
                ਗਮ ਇਸ਼ਕ਼ੇ ਦਾ ਭਾਰਾ ਏ .

                     * * * * *         

शनिवार, जून 04, 2011

ਗੀਤ -3

     ਰੌਣਾ ਪੈ ਗਇਆ ਪੱਲੇ ,ਮਾਰ ਏਸੀ ਮਾਰੀ ਵੇ 
     ਸਾਡੀ ਜਿੰਦਗੀ ਉਜਾੜੇ , ਬਰਸਾਤ ਖਾਰੀ ਵੇ .
     ਉਦਾਸ ਹੋਇਆ ਘਰ ,ਉਦਾਸ ਹੋਈ ਰੂਹ ਏ 
     ਪਲਕਾਂ ਬਿਛਾਏ ਬੈਠੀ , ਸਾਡੇ ਪਿੰਡ ਦੀ ਜੂਹ ਏ .
     ਸੁੰਨੀਆਂ ਰਾਹਾਂ ਨੂੰ ਮੈਂ ਤਾਂ , ਤੱਕ-ਤੱਕ ਹਾਰੀ ਵੇ .
     ਸਾਡੀ ਜਿੰਦਗੀ ਉਜਾੜੇ , ਬਰਸਾਤ ਖਾਰੀ ਵੇ .

     ਗਮਾਂ ਦੀ ਸੌਗਾਤ ਦਿੱਤੀ ,ਸਾਡੇ ਹਾਸੇ ਖੋਹ ਲਏ
     ਜਿੰਨ੍ਹਾ ਨੂੰ ਅਸੀਂ ਦਿਲ ਦਿੱਤਾ , ਜਾਨ ਲੈ ਕੇ ਓਹ ਗਏ.
     ਬੜੀ ਮਹਿੰਗੀ ਪਈ ਏ , ਇਸ਼ਕ਼ ਖੁਮਾਰੀ ਵੇ .
     ਸਾਡੀ ਜਿੰਦਗੀ ਉਜਾੜੇ , ਬਰਸਾਤ ਖਾਰੀ ਵੇ .

     ਦੱਸ ਕਿਵੇਂ ਭੁੱਲਾਂ ਤੈਨੂੰ ,ਸਾਂਹਾ ' ਚ ਵਸਾਇਆ ਏ 
     ' ਵਿਰਕਾ ' ਵੇ ਪਿਆਰ ਨੇ , ਮਾਰ ਹੀ ਮੁਕਾਇਆ ਏ .
     ਸਦਰਾਂ ਦੀ ਚੋਗ ਖਾ ਕੇ ,ਮਾਰੀ ਤੂੰ ਉਡਾਰੀ ਵੇ .
     ਸਾਡੀ ਜਿੰਦਗੀ ਉਜਾੜੇ , ਬਰਸਾਤ ਖਾਰੀ ਵੇ .

                       * * * * *

मंगलवार, मई 17, 2011

ਕਵਿਤਾ - 2

             ਕੀ ਕਹਾਂ                                                                  
   
   ਮੇਰੇ ਮਹਬੂਬ
   ਚੰਗਾ ਯਾ ਬੁਰਾ
   ਦੱਸ ਤੈਨੂੰ ਕੀ ਕਹਾਂ .
   

              ਤੂੰ ਛੱਡਿਆ ਹੈ ਮੈਨੂੰ ਇਕੱਲਾ
              ਦਿੱਤੇ ਹੈ ਇਸਨੇ
              ਗਮ ਮੈਨੂੰ ਲੱਖਾਂ
              ਪਰ ਨਾਲ ਹੀ
              ਮੌਕਾ ਵੀ ਦਿੱਤਾ ਹੈ
              ਆਪਨੇ ਬਾਰੇ ਸੋਚਣ ਦਾ .

    ਮੇਰੇ ਮਹਬੂਬ
    ਚੰਗਾ ਯਾ ਬੁਰਾ
    ਦੱਸ ਤੈਨੂੰ ਕੀ ਕਹਾਂ .


              ਤੂੰ ਕਰ ਗਿਆ ਮੈਨੂੰ ਅਧੂਰਾ
              ਇਸ ਗੱਲ ਨੇ
              ਧੁਰ ਅੰਦਰ ਤੱਕ ਤੋੜਿਆ ਹੈ ਮੈਨੂੰ
              ਪਰ ਪ੍ਰੇਰਨਾ ਵੀ ਦਿੱਤੀ ਹੈ
              ਉਸ ਬਾਰੇ ਸੋਚਣ ਦੀ
              ਜੋ ਪੂਰਨ ਹੈ .

    ਮੇਰੇ ਮਹਬੂਬ
    ਚੰਗਾ ਯਾ ਬੁਰਾ
    ਦੱਸ ਤੈਨੂੰ ਕੀ ਕਹਾਂ .


              ਤੇਰੇ ਬਿਨਾ ਹਨੇਰੀ ਹੋ ਗਈ ਹੈ
              ਮੇਰੇ ਲਈ ਰਾਤ ਚਾਨਣੀ
              ਚਾਨਣ ਨੱਸ ਗਿਆ ਏ ਲੱਖਾਂ ਕੋਹਾਂ ਦੂਰ
              ਪਰ ਹਨੇਰੀਆਂ'ਚ
              ਚਾਨਣ ਤਲਾਸ਼ਣ ਦੀ ਜਾਚ
              ਸਿਖਾਈ ਹੈ ਤੂੰ ਹੀ .

    ਮੇਰੇ ਮਹਬੂਬ
    ਚੰਗਾ ਯਾ ਬੁਰਾ
    ਦੱਸ ਤੈਨੂ ਕੀ ਕਹਾਂ .


                   * * * * *

गुरुवार, अप्रैल 28, 2011

ਅਗਜਲ - 3

ਤੂੰ ਹੈਂ ਦਰਦਾਂ ਦੀ ਦਵਾ ਸੱਜਣ
ਮੁੜ ਵਤਨੀਂ ਫੇਰਾ ਪਾ ਸੱਜਣ .

       ਤਰਸ ਗਈਆਂ ਨੇ ਬਾਹਾਂ ਮੇਰੀਆਂ
       ਆ ਇਕ ਬਾਰੀ ਗਲ ਲਾ ਸੱਜਣ .


ਆਸਾਂ ਦੀ ਡੋਰ ਏਨੀ ਕੱਚੀ ਨਹੀਂ
ਮੇਰੀ ਇਹ ਸੋਚ ਪੁਗਾ  ਸੱਜਣ .


     ਦਿਨ ਚੜ੍ਹਦੇ ਹੀ ਦੇਖਾਂ ਮੁੰਹ ਤੇਰਾ
      ਰੋਜ਼ ਕਰਾਂ ਮੈਂ ਇਹੋ ਦੁਆ ਸੱਜਣ .


ਪਲ-ਪਲ ਕਰਕੇ ਉਮਰ ਬੀਤ ਰਹੀ 

ਵਕ਼ਤ ਕਰੇ ਨਾਂ ਕਦੇ ਵਫ਼ਾ ਸੱਜਣ .

     ਸਾਹਾਂ ਨਾਲ ਸਾਹ ਲੈਣ ਦਾ ਵਾਅਦਾ ਸੀ         

     ਨਾਂ ' ਵਿਰਕ ' ਨੂੰ ਝੂਠਾ ਬਣਾ ਸੱਜਣ

            * * * * *  

सोमवार, अप्रैल 11, 2011

ਹਾਇਕੁ - 3

ਆਈ ਬੈਸਾਖੀ 
ਪੱਕੀਆਂ ਨੇ ਕਣਕਾਂ 
ਪੈਂਦੇ ਭੰਗੜੇ .

ਮਿਲਦਾ ਫਲ 
ਜਦ ਮੇਹਨਤ ਦਾ 
ਨੱਚਦਾ ਦਿਲ .

                                          * * * * * 

शुक्रवार, अप्रैल 01, 2011

ਗੀਤ - 2

ਕਿੰਜ ਜੀਵਾਂ ਇਸ਼ਕ਼ ਨੇ ਕੀਤਾ ਏ ਬੇਦਮ ਸਾਜਨ
ਮੇਰੇ  ਹੱਡੀਂ  ਵੱਸਿਆ  ਏ  ਤੇਰਾ  ਗਮ  ਸਾਜਨ .


ਤਮਾਸ਼ਬੀਨ ਦੁਨਿਆ ਤਮਾਸ਼ਾ ਵੇਖਦੀ ਏ
ਅੱਗ ਲਾਕੇ ਦੂਜਿਆ ਦੇ ਹੱਥ ਸੇਕਦੀ ਏ .
ਲੋਕਾਂ ਕੋਲ ਕਦੋਂ ਮਿਲਦਾ ਏ ਮਲ੍ਹਮ ਸਾਜਨ .

ਮੇਰੇ  ਹੱਡੀਂ  ਵੱਸਿਆ  ਏ  ਤੇਰਾ  ਗਮ  ਸਾਜਨ .


ਹੁਣ ਕਿਸੇ ਕੰਮ ਆਊਨੇ ਦਿਲਾਸੇ ਨਹੀਂ
ਮੇਰੇ ਕੋਲ ਬਾਕੀ ਬਚੇ ਕੋਈ ਹਾਸੇ ਨਹੀਂ .
ਮਨਾ ਆਇਆ ਹਾਂ ਖੁਸ਼ੀਆਂ ਦਾ ਮਾਤਮ ਸਾਜਨ .

ਮੇਰੇ  ਹੱਡੀਂ  ਵੱਸਿਆ  ਏ  ਤੇਰਾ  ਗਮ  ਸਾਜਨ .

ਜਿੰਦਗੀ ਜਿਉਣ ਦਾ ਮੈਨੂੰ ਚੱਜ ਕੋਈ ਨਾਂ
'ਵਿਰਕ' ਮਿਲਿਆ ਵੀ ਮੈਨੂੰ ਸਚ ਕੋਈ ਨਾਂ .
ਬੱਸ ਤੇਰੀਆਂ ਯਾਦਾਂ ਨੂੰ ਲਿਖੇ ਕਲਮ ਸਾਜਨ .

ਮੇਰੇ  ਹੱਡੀਂ  ਵੱਸਿਆ  ਏ  ਤੇਰਾ  ਗਮ  ਸਾਜਨ .    
                * * * * *

शुक्रवार, मार्च 18, 2011

ਅਗ਼ਜ਼ਲ - 2

ਅਜਮਾਏ ਹੋਏ ਲੋਕਾਂ ਨੂੰ ਫਿਰ ਅਜਮਾਉਂਦਾ ਹਾਂ
ਪੱਥਰ ਦਿਲਾਂ ਨੂੰ ਹਾਲ ਦਿਲ ਦਾ ਸੁਨਾਉਂਦਾ ਹਾਂ .


      ਮੁਹੱਬਤ ਦੀ ਗੱਲ ਸੋਚਾਂ ਤਾਂ ਇੰਜ ਲਗਦਾ ਹੈ
      ਬਾਰਿਸ਼ਾਂ' ਚ ਜਿੰਵੇਂ ਰੇਤੇ ਦਾ ਘਰ ਬਣਾਉਂਦਾ ਹਾਂ .
ਭੁੱਲ ਜਾਂਦਾਂ ਹਾਂ , ਹਰ ਕਿਸੇ ਦੀ ਆਪਣੀ ਵੀ ਜਿੰਦਗੀ ਹੈ
ਜਰੂਰਤ ਤੂੰ ਜਿਆਦਾ ਆਪਣਾਪਣ ਦਿਖਾਉਂਦਾ  ਹਾਂ .
       ਮੌਕਾ ਮਿਲਦੇ ਹੀ ਕਰ ਬੈਠਦਾ ਹੈ ਗੁਸਤਾਖੀ ਕੋਈ
       ਉਂਜ ਤੇ ਪਾਗਲ ਦਿਲ ਨੂੰ ਬਹੁਤ ਸਮਝਾਉਂਦਾ ਹਾਂ .
ਵਕ਼ਤ ਰਹਿੰਦੇ ਨਾ ਸੰਭਲਣਾ ਹੈ ਬਦਕਿਸਮਤੀ ਮੇਰੀ
ਵਕ਼ਤ ਨਿਕਲਣ ਤੋਂ ਬਾਅਦ ਅਕਸਰ ਪਛਤਾਉਂਦਾ ਹਾਂ .
       ਜੋ ਪੂਰੇ ਨਹੀਂ ਹੋਣੇ . ਜਿਨਾਂ ਨੇ ਟੁੱਟ ਜਾਣਾ ਹੈ ਅਕਸਰ
       ਕਿਊਂ ' ਵਿਰਕ ' ਬਾਰ-ਬਾਰ ਅਜਿਹੇ ਖਵਾਬ ਸਜਾਉਂਦਾ
ਹਾਂ 


                      * * * * *

रविवार, मार्च 13, 2011

ਹਾਇਕੁ - 2


ਅੰਬਰੀ ਉੱਡੇ
ਪਤੰਗ ਜਿੰਦਗੀ ਦੀ
ਆਸਾਂ ਦੀ ਡੋਰ .


      * * * * *

बुधवार, मार्च 09, 2011

ਹਾਇਕੁ - 1


ਰੰਗ - ਬਿਰੰਗੀ
ਧਰਤ ਦੀ ਚਾਦਰ
ਰੁੱਤ ਬਸੰਤ  .


 * * * * *

शनिवार, फ़रवरी 26, 2011

ਕਵਿਤਾ - 1

                               ਸੱਚਾਈ                                 

ਮੈਂ ਜਾਣਦਾ ਹਾਂ
ਤੇਰੀ ਸੱਚਾਈ
ਅਤੇ ਤੂੰ ਜਾਣਦਾ ਹੈਂ
ਮੇਰੀ ਸੱਚਾਈ
ਪਰ ਅਫਸੋਸ
ਆਪਣੇ ਆਪ ਦੀ ਸੱਚਾਈ
                                ਨਾਂ ਤੂੰ ਜਾਣਦਾ ਹੈਂ
                                ਨਾਂ ਮੈਂ ਜਾਣਦਾ ਹਾਂ .

                            * * * * *

बुधवार, फ़रवरी 09, 2011

ਗੀਤ -1

                           ਤੂੰ ਚੇਤੇ ਆਇਆ ਏਂ 


 
                   ਜਦ ਮੋਰਾਂ ਪੈਲ੍ਹਾਂ ਪਾਈਆਂ ਨੇ
                   ਅੰਬਰਾਂ ਤੇ ਘਟਾਵਾਂ ਛਾਈਆਂ ਨੇ
                   ਵੱਜਣ
ਕਿਤੇ ਸ਼ਹਿਨਾਈਆਂ ਨੇ
                   ਤਦ ਤੂੰ ਚੇਤੇ ਆਇਆ ਏਂ .

          ਤੂੰ ਤਾਂ ਜੁੜੀਆਂ ਏਂ ਸਾਡੇ ਸਾਹਾਂ ਨਾਲ
          ਹਰ ਜਨਮ ਰਹੂ ਸਾਨੂੰ ਤੇਰੀ ਭਾਲ .
                    ਜਦ ਪੌਣ ਪੂਰੇ ਦੀ ਵੱਗਦੀ ਏ
                    ਨੈਣਾਂ ਦੀ ਜੋੜੀ ਦਿਲ ਠੱਗਦੀ ਏ
                    ਅੱਗ ਧੁਰ ਅੰਦਰ ਤਕ ਲੱਗਦੀ ਏ
                    ਤਦ ਤੂੰ ਚੇਤੇ ਆਇਆ ਏਂ .

         ਹੰਝੂ ਅੱਖੀਆਂ ਵਿਚ ਕਦ ਰੁਕਦੇ ਨੇ
         ਇਸ਼ਕ਼ ਮਰੀਜ਼ ਸਦਾ ਹੀ ਧੁਖਦੇ ਨੇ .
                     ਜਦ ਕਿਤੇ ਵੱਜੇ ਸੰਗੀਤ ਕੋਈ
                     ਪਿਆਰ ਦੇ ਗਾਏ ਗੀਤ ਕੋਈ
                     ਧੋਖਾ ਦੇ ਜਾਏ ਮਨਮੀਤ ਕੋਈ
                     ਤਦ ਤੂੰ ਚੇਤੇ ਆਇਆ ਏਂ .

         ਦਿਲ ਝੱਲਾ ਏ ' ਵਿਰਕਾ ' ਦਿਲ ਝੱਲਾ ਏ
         ਬੀਤੀ ਗੱਲ ਦਾ ਛੱਡਦਾ ਨਹੀਂ ਪੱਲਾ ਏ
                      ਕੋਈ ਟੁੱਟੇ ਦਿਲ ਨੂੰ ਜਦ ਰੋਏ
                      ਬੇਵਫਾਈ ਦੀ ਕਿਤੇ ਗੱਲ ਹੋਏ
                      ਨੀਂਦ ਚੈਨ ਕਿਸੇ ਦਾ ਜਦ ਖੋਏ

                      ਤਦ ਤੂੰ ਚੇਤੇ ਆਇਆ ਏਂ .

                                *****

सोमवार, जनवरी 31, 2011

ਅਗ਼ਜ਼ਲ -1

ਉੱਚੀਆਂ - ਲਮੀਆਂ ਉਡਾਰੀਆਂ ਮਨ ਦਾ ਖੇਲ ਸੀ
ਜਿਸਮ ਦੇ ਲਈ ਪਰ , ਰਸਮਾਂ-ਰਿਵਾਜਾਂ ਦੀ ਜੇਲ ਸੀ .

ਸੰਭਾਲਦੇ-ਸੰਭਾਲਦੇ ਤਿਲਕ ਗਈ ਸਾਥੋਂ ਉਹ
ਜਿੰਦਗੀ ਦੇ ਫੁੱਲਾਂ ' ਤੇ ਪਿਆਰ ਦੀ ਜੋ ਤ੍ਰੇਲ ਸੀ .


ਕ੍ਰਿਸ਼ਨ-ਸੁਦਾਮੇ ਦੀ ਗੱਲ ਵੱਖਰੀ ਵਰਨਾ ਏਥੇ
ਰੰਕਾ ਤੇ ਰਾਜਿਆਂ ਦਾ ਕਦ ਮੇਲ ਹੈ , ਕਦ ਮੇਲ ਸੀ .


ਬੇਵਫਾਈ ਤਾਂ ਪਾਸ ਕਰ ਗਈ ਸਾਰੇ ਇਮਤਿਹਾਨ
ਦੁਨੀਆਂਦਾਰੀ ਦੇ ਇਮਤਿਹਾਨ ' ਚ ਵਫ਼ਾ ਹੋਈ ਫੇਲ ਸੀ .


ਖੁਸੀਆਂ ਦੇ ਦਰਖਤ ' ਵਿਰਕ  ' ਪਿਛੇ ਛੁੱਟਦੇ ਰਹੇ
ਵਿਛੋੜੇ ਦੀ ਪਟੜੀ ਤੇ ਦੌੜੀ ਗਮਾਂ ਦੀ ਰੇਲ ਸੀ . 

                      *****
Related Posts Plugin for WordPress, Blogger...
MyFreeCopyright.com Registered & Protected