ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ
ਦਿਲ ਦੀ ਜਮੀਨ 'ਤੇ ਇਹ ਨਿਸ਼ਾਨ ਕਿਸਦੇ ਨੇ .

शनिवार, सितंबर 15, 2012

ਮੇਰੀ ਨਜਰ ( ਕਵਿਤਾ )

ਹੋ ਸਕਦਾ ਹੈ ਮੇਰੀ ਇਸ ਕਵਿਤਾ ਨੂੰ ਤੁੰਸੀ ਅਸ਼ਲੀਲ ਕਹੋਂ , ਮੇਰੀ ਸੋਚ ਨੂੰ ਨੈਗੇਟਿਵ ਅਤੇ ਮੈਨੂੰ ਪ੍ਰਮਪ੍ਰਾਵਾਦੀ । ਪਰ ਮਜਾਕ ਵਿਚ ਲਿਖੀ ਗਈ ਇੱਕ ਲਾਈਨ ਆਪਨੇ ਆਪ ਕਵਿਤਾ ਬਣ ਗਈ ਅਤੇ ਮੈਂ ਇਸਨੂੰ ਪੋਸਟ ਕਰਨ ਤੋ ਨਹੀਂ ਰੋਕ ਪਾਈਆ । ਮੈਂ ਇਸ ਕਵਿਤਾ ਵਿਚ ਕਿਸੇ ਨੂੰ ਨਿਸ਼ਾਨਾ ਨਹੀਂ ਬਨਾਇਆ , ਕਿਸੇ ਤੇ ਤੋਹਮਤ ਨਹੀਂ ਲਾਈ, ਕਿਸੇ ਨੂੰ ਜਲੀਲ ਕਰਨਾ ਵੀ ਮੇਰਾ ਮਕਸਦ ਨਹੀਂ । ਸ਼ਬਦਾਂ ਦੇ ਨੰਗੇਜ ਤੋਂ ਵੀ ਬਚਿਆ ਹਾਂ ਹਾਲਾਂਕਿ ਲਿਖਣ ਵੇਲੇ ਨੰਗੇ ਸ਼ਬਦ ਜਹਨ ਵਿਚ ਆਏ ਜਰੂਰ ਸਨ । ਇਸ ਕਵਿਤਾ ਬਾਰੇ ਤੁਹਾਡੇ ਹਰ ਪ੍ਰਕਾਰ ਦੇ ਵਿਚਾਰ ਦਾ ਖੁਲ੍ਹਾ ਸਵਾਗਤ ਹੈ, ਤੁਹਾਡੇ ਸਾਰੇ ਉਲਾਂਭੇ ਸਿਰ-ਮੱਥੇ ਹਨ ।
ਮੇਰੀ ਨਜਰ 
ਜਦ ਵੀ ਦੇਖਦਾ ਹਾਂ 
ਕਿਸੇ ਜਨਾਨੀ, ਕਿਸੇ ਮੁਟਿਆਰ ਨੂੰ 
ਤੰਗ ਪਜਾਮੀ ਅਤੇ 
ਉੱਚੇ ਚਾਕ ਵਾਲੀ ਕਮੀਜ ਪਾਈ 
ਅਚਣਚੇਤ ਹੀ ਮੇਰੀ ਨਜਰ 
ਚਲੀ ਜਾਂਦੀ ਹੈ 
ਕਮਰ ਤੋਂ ਹੇਠਲੇ ਅੰਗਾਂ ਦੀਆਂ 
ਗੋਲਾਈਆਂ ਵੱਲ 
ਸ਼ਰਮ ਸਾਰ ਹੋ ਜਾਂਦਾਂ ਹਾਂ ਮੈਂ 
ਆਪਣੀ ਸੋਚ ਤੇ 
ਪਰ ਮੇਰਾ ਦਿਮਾਗ 
ਪੱਖ ਪੂਰਦਾ ਹੈ ਇਸ ਸੋਚ ਦਾ 
ਕਹਿੰਦਾ ਹੈ ਉਹ 
ਇਹ ਔਰਤਾਂ ਵੀ ਚਾਹੁੰਦੀਆਂ ਹਨ 
ਲੋਕ ਦੇਖਣ 
ਉਨ੍ਹਾਂ ਦੇ ਅੰਗਾਂ ਦੀਆਂ ਗੋਲਾਈਆਂ 
ਨਹੀਂ ਤਾਂ ਉਹ 
ਸਲਵਾਰ-ਕਮੀਜ, ਸਾੜ੍ਹੀ ਵੀ ਪਾ ਸਕਦੀਆਂ ਹਨ
 ਅਤੇ ਜੇ ਪਾਉਣੀ ਹੀ ਹੈ ਪਜਾਮੀ
ਤਾਂ ਕਮੀਜ ਸੁਚੱਜੀ ਰੱਖੀ ਜਾ ਸਕਦੀ ਹੈ 
ਟਾਇਰ ਤੇ ਚੜ੍ਹਾਈ ਰਬੜ ਵਾਂਗ 
ਪਜਾਮੀ ਦਾ ਹੋਣਾ ਕੋਈ ਜਰੂਰੀ ਤਾਂ ਨਹੀਂ 
ਇਸ ਵਿੱਚ 
ਇਨ੍ਹੀ ਕੂ ਢਿੱਲ ਤਾਂ ਹੋ ਸਕਦੀ ਹੈ 
ਕਿ ਕੂਲੇ ਅੰਗਾਂ ਅਤੇ 
ਕਪੜੇ ਦੇ ਵਿਚਕਾਰ 
ਹਵਾ ਦਾ ਪਸਾਰਾ ਹੋ ਸਕੇ ।
ਮੇਰੀ ਨਜਰ ਕਦੇ ਵੀ
ਕਮਰ ਤੋਂ ਹੇਠਲੇ ਅੰਗਾ ਤੇ ਨਹੀਂ ਜਾਂਦੀ 
ਜਦੋਂ ਦੇਖਦਾ ਹਾਂ ਮੈਂ ਕਿਸੇ ਨੂੰ 
ਸੋਹਣੇ ਸਲਵਾਰ ਕਮੀਜ ਵਿਚ 
ਸੁਚੱਜੇ ਤਰੀਕੇ ਨਾਲ ਬਨ੍ਹੀ ਸਾੜ੍ਹੀ  ਵਿਚ 
ਤਦ ਮੈਂ ਸਿਰਫ ਦੇਖਦਾ ਹਾਂ 
ਮੁਟਿਆਰਾਂ ਔਰਤਾਂ ਦੇ ਚੇਹਰੇ ਦੀ ਨੁਹਾਰ 
ਰੱਬ ਦੇ ਦਿੱਤੇ ਹੁਸਣ ਨੂੰ 
ਤੱਕਦਾਂ ਹਾਂ ਪਾਕ ਨਜਰਾਂ ਨਾਲ 
ਉਸ ਵਿਚ ਨਹੀਂ ਹੁੰਦੀ 
ਜਰਾ ਵੀ ਵਾਸਨਾ ।

ਪਰ---
ਪਰ---
ਪਰ-------------

********************* 

शुक्रवार, जुलाई 27, 2012

ਮਰ ਜਾਣਾ ਸਾਵਣ

                               ਵਿੱਚ ਤ੍ਰਿੰਝਣ 
                               ਸੰਗ ਸਹੇਲੀਆਂ ਦੇ      
                               ਝੂਟਾਂ ਪੀਂਘ ਮੈਂ 
                               ਹਰ ਹੁਲਾਰੇ ਨਾਲ 
                               ਆਵੇਂ ਯਾਦ ਤੂੰ 
                               ਧੜਕਣ ਵਧਾਵੇ  
                               ਯਾਦਾਂ ਦੀ ਲੜੀ 
                               ਉੱਤੋਂ ਵੱਗਦੀ ਪੌਣ 
                               ਸੀਨੇ ਮੇਰੇ ' ਚ 
                               ਅੱਗ ਦੇ ਲਾਂਬੂ ਲਾਵੇ 
                               ਬੁਝਾਵੇ ਕੌਣ 
                               ਜਦ ਬਰਸਾਤ ਵੀ 
                               ਬਣ ਵੈਰਨ 
                               ਤਿੱਖੇ ਤੀਰ ਚਲਾਵੇ 
                               ਮੇਰੇ ਸੱਜਣਾ 
                               ਨਾ ਐਂਵੇਂ ਤਰਸਾਵੀਂ 
                               ਕਿਤੋਂ ਆ ਜਾਵੀਂ 
                               ਠੰਡਾ ਬੁੱਲ੍ਹਾ ਬਣਕੇ 
                               ਬਿਨ ਤੇਰੇ ਤਾਂ 
                               ਬੜਾ ਸਤਾਉਂਦਾ ਏ 
                               ਮਰ ਜਾਣਾ ਸਾਵਣ 
                        
                                   ******

गुरुवार, जुलाई 05, 2012

ਅਗਜਲ - 9

                         ਰਾਖ ਵਿਚ ਅੰਗਾਰਾ ਫਰੋਲਦਾ ਹਾਂ 
                         ਮੈਂ ਹਰ ਪਲ ਖੁਦ ਨੂੰ ਤੋਲਦਾ ਹਾਂ ।
                         ਸੁਹਾਨਾ ਹੋ ਸਕੇ ਦੁਨਿਆ ਦਾ ਮੌਸਮ 
                         ਪਿਆਰ ਫਿਜਾਵਾਂ ਵਿਚ ਘੋਲਦਾ ਹਾਂ ।


                         ਕਦੇ ਮੈਂ ਚੁੱਪ ਹਾਂ ਬੋਲਦੇ ਹੋਏ 
                         ਕਦੇ ਚੁੱਪ ਵਿਚ ਵੀ ਬੋਲਦਾ ਹਾਂ ।


                         ਭੁੱਲ ਜਾਵਾਂ, ਕਦੇ ਫਿਰ ਯਾਦ ਆਵੇ 
                         ਕਿਉਂ ਜਿੰਦ ਮਿੱਟੀ ਵਿਚ ਰੋਲਦਾ ਹਾਂ ।


                         ਮਿਲ ਜਾਵੇ ਸ਼ਾਇਦ ਮੈਨੂੰ ਖੁਦਾ 
                         ਵਿਰਕ ਹਰ ਚੀਜ ਟੋਲਦਾ ਹਾਂ ।


                              ***********            

शुक्रवार, जून 01, 2012

ਅਗਜਲ - 8

              ਇੱਥੇ ਆਇਆ ਬਦਲਾਵ ਅਜੇ ਕੁੱਝ ਖਾਸ ਨਹੀਂ 
              ਬੀਤ ਗਈ ਹੈ ਰਾਤ ਪਰ ਹੋਇਆ ਉਜਾਸ ਨਹੀਂ ।

              ਤੂੰ ਜਾਣਦਾ  ਹੈਂ ਸਿਰਫ ਜਿਸਮ ਦੀ ਪੀੜ ਨੂੰ 
              ਤੈਨੂੰ ਹੋਣਾ ਮੇਰੇ ਦਰਦ ਦਾ ਅਹਿਸਾਸ ਨਹੀਂ ।

              ਉਂਝ ਅਸੀਂ ਸ਼ਰਾਫਤ ਛੱਡ ਚੁਕੇ ਹਾਂ ਕਦੋ ਦੇ  
              ਬੱਸ ਉਤਾਰਿਆ ਸ਼ਰਾਫਤ ਦਾ ਲਿਬਾਸ ਨਹੀਂ ।
                            
                    ਸੋਚੋ ਤਾਂ ਸਹੀ ਕਿਵੇਂ ਮਿਲੇਗਾ ਮਹਿਬੂਬ ਸਾਨੂੰ 
              ਜਦ ਪਾਉਣ ਦੀ ਤਾਂਘ ਨਹੀਂ, ਪਿਆਸ ਨਹੀਂ ।

              ਖੁਸ਼ੀ ਵਾਂਗ ਇਨ੍ਹਾਂ ਗਮਾਂ ਵੀ ਨਹੀਂ ਰੁਕਨਾ 
              ਔਕੜਾਂ ਸਹਿ ਲਵੋ , ਕਦੇ ਹੋਇਓ ਉਦਾਸ ਨਹੀਂ ।

              ਹੀਰਿਆਂ ਵਰਗੀ ਜਿੰਦੜੀ ਰੋਲਦੇ ਕੋਡੀਆਂ ਭਾਅ 
              ਲੋਕ ਇੱਥੋਂ ਦੇ  ' ਵਿਰਕ ' ਖੁਦਸ਼ਨਾਸ ਨਹੀਂ ।

                       ***********    

सोमवार, मई 21, 2012

ਅਗਜਲ - 7

                     ਵਕਤ ਦੇ ਪਹੀਏ ਵੀ ਉਦੋਂ ਰੁਕਦੇ ਸੀ 
                     ਨੈਣ ਜਦੋਂ ਨੈਣਾਂ ਨਾਲ ਮਿਲਦੇ ਸੀ ।
                    ਉਨ੍ਹਾਂ ਦੀ ਮਹਿਕ ਅਜੇ ਵੀ ਸਾਹਾਂ' ਚ ਹੈ 
                    ਉਸਦੇ ਹੱਸਣ ਤੇ ਜੋ ਫੁੱਲ ਕਿਰਦੇ ਸੀ ।

                    ਸਾਨੂੰ ਆਈਆਂ ਹੀ ਨਹੀਂ ਕਦੇ ਕੋਈ ਔਕੜਾਂ 
                    ਸੱਜਣ ਜੀ, ਜਦੋਂ ਤੁਸੀਂ ਨਾਲ ਚਲਦੇ ਸੀ ।

                    ਕੰਧ ਵਿਚਕਾਰ ਨਿੱਕਲੀ ਨਾ ਸੀ ਅੱਜ ਵਾਂਗ 
                    ਬੀਤੇ ਦਿਨੀ ਵੀ ਗੱਲ - ਗੱਲ ਤੇ ਲੜਦੇ ਸੀ ।

                    ਕੀ ਹੋਇਆ ਕਿਉਂ ਉਹ ਸਾਥ ਛੜ ਗਏ ਨੇ  
                    ਦੁੱਖ - ਸੁੱਖ ਵੇਲੇ ਜੋ ਸਾਥੀ ਨਾਲ ਖੜਦੇ ਸੀ ।

                    ਉੰਮੀਦ ਹੈ ' ਵਿਰਕ ' ਨੂੰ ਉਸੇ ਰਹਮਤ ਦੀ 
                    ਜਿਸਦੇ ਨਾਲ ਕਦੇ ਡੁੱਬਦੇ ਵੀ ਤਰਦੇ ਸੀ ।

***********       

गुरुवार, अप्रैल 26, 2012

ਯਾਦ

ਬੈਠ ਗਿਆ ਹੈ 
ਦਿਲ ਦੇ ਆਲਣੇ ' ਚ  
ਯਾਦਾਂ ਦਾ ਪੰਛੀ 
ਹੁਣ ਉੱਡੇਗਾ ਇਹ   
ਤੇਰੇ ਆਉਣ ਤੇ ਹੀ ।
*******************

सोमवार, मार्च 19, 2012

ਆਜਾ ਮਿਲਣੇ ਦੀ ਰੁੱਤ ਆਈ

ਨਾ ਬੀਤੇ ਗਮ ਨੂੰ ਗਾ ਸੱਜਣਾ
ਹੱਸਕੇ ਜੋ ਦਿਨ ਲੰਘਿਆ 
ਤੂੰ ਉਸਦਾ ਜਸ਼ਨ ਮਨਾ ਸੱਜਣਾ ।

ਕਿਉਂ ਜੋੜਦਾ ਫਿਰੇਂ ਪਾਈ-ਪਾਈ 
ਲੁੱਟ ਲੈ ਖਜਾਨਾ ਹੁਸਨਾਂ ਦਾ
ਆਜਾ ਮਿਲਣੇ ਦੀ ਰੁੱਤ ਆਈ ।

ਪਾਣੀ ਸਮੁੰਦਰਾਂ ਦਾ ਖਾਰਾ ਏ 
ਅਸੀਂ ਜਾਣਦੇ ਹਾਂ ਸਭ ਸੱਜਣਾਂ
ਤੂੰ ਲਾਇਆ ਸਾਨੂੰ ਲਾਰਾ ਏ ।

ਬੋਲੇ ਕੋਠੇ ਉੱਤੇ ਕਾਂ ਮਾਹੀਆ
ਚੁੱਪ ਕਮਜੋਰੀ ਬਣ ਗਈ
ਅਸੀਂ ਬੋਲੇ ਹਾਂ ਤਾਂ ਮਾਹੀਆ ।

* * * * *बुधवार, मार्च 07, 2012

ਹੋਲੀ

ਮੈਂ ਭਿੱਜ ਜਾਵਾਂ
ਤੇਰੇ ਰੰਗ ਦੇ ਵਿੱਚ 
ਤੂੰ ਭਿੱਜ ਜਾਵੀਂ
ਮੇਰੇ ਰੰਗ ਦੇ ਵਿੱਚ 
ਚੜ੍ਹੇ ਰੰਗ ਹੋਲੀ ਦਾ 


* * * * *


ਤਨ ਭਿੱਜਿਆ 
ਤੇਰੇ ਰੰਗ ਦੇ ਨਾਲ
ਮਨ ਭਿੱਜਿਆ 
ਤੇਰੀ ਪ੍ਰੀਤ ਦੇ ਨਾਲ
ਸ਼ਗਨਾਂ ਭਰੀ ਹੋਲੀ 

* * * *
Friends18.com Orkut Scraps
* * * 

गुरुवार, मार्च 01, 2012

ਇਸ਼ਕ

ਦਿਲ ਤੇ ਕੱਚ 
ਠੋਕਰ ਨਾ ਮਾਰਿਓ 
ਟੁੱਟ ਜਾਂਦੇ ਨੇ ।

ਦਰਦ ਮਿਲੇ
ਠੋਕਰਾਂ ਵੀ ਮਿਲਣ 
ਇਹੋ ਇਸ਼ਕ 

* * * * *

शनिवार, जनवरी 28, 2012

ਆਇਆ ਹੈ ਬਸੰਤ

ਖਿੜੇ ਨੇ ਫੁੱਲ 
ਖੂਬਸੂਰਤ ਹੋਇਆ 
ਚਾਰ ਚੁਫੇਰਾ 
ਆਇਆ ਹੈ ਬਸੰਤ 
ਮਹਿਕੀ ਹੈ ਧਰਤ 

* * * * *
ਗਾਉਂਦੀ ਗੀਤ 
ਬਾਗਾਂ ਵਿੱਚ ਕੋਇਲ 
ਸੁਣ ਸੱਜਣਾ 
ਲੈ ਕੇ ਆਈ ਹੈ ਰੁੱਤ 
ਸੁਨੇਹਾ ਪਿਆਰ ਦਾ 


* * * * *

मंगलवार, जनवरी 10, 2012

ਅਗਜਲ - 6

                ਟੁੱਟੇ  ਮੁਰਝਾਏ  ਹੋਏ  ਅਰਮਾਨ  ਕਿਸਦੇ  ਨੇ 
                ਰੂਹ ਨਹੀਂ ਇਨ੍ਹਾਂ ਵਿਚ, ਬੁੱਤ ਬੇਜਾਨ ਕਿਸਦੇ ਨੇ                   ਇਹ ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ 
                  ਦਿਲ ਦੀ ਜਮੀਨ ਤੇ ਇਹ ਨਿਸ਼ਾਨ ਕਿਸਦੇ ਨੇ .


                 ਮੈਂ ਤਾਂ ਸੁਣਿਆ ਸੀ ਆਦਮੀ ਗਰੀਬ ਹੋ ਗਿਆ ਬੜਾ 
                 ਹਰ ਪਾਸੇ ਇਹ ਉੱਚੇ - ਉੱਚੇ ਮਕਾਨ ਕਿਸਦੇ ਨੇ .


                ਕਿਸ ਨੇ ਕੀਤੀ ਹੈ ਹਿੰਮਤ ਹਨੇਰੇ ਨਾਲ ਲੜਣ ਦੀ 
                ਸ਼ਮਾਂ ਕਿਸਦੀ ਏ ਤੇ ਇਹ ਸ਼ਮਾਂਦਾਨ ਕਿਸਦੇ ਨੇ .


                ਵਕਤ ਪਿਆ ਤਾਂ ਜੀ ਹਜੂਰੀ ਕਰ ਲੈਂਦੇ ਨੇ ਸਾਰੇ 
                ਦੁਨੀਆਂ ਵਾਲੇ ਵਿਰਕ ਕਦਰਦਾਨ ਕਿਸਦੇ ਨੇ .

* * * * *  


                                  


         
Related Posts Plugin for WordPress, Blogger...
MyFreeCopyright.com Registered & Protected