ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ
ਦਿਲ ਦੀ ਜਮੀਨ 'ਤੇ ਇਹ ਨਿਸ਼ਾਨ ਕਿਸਦੇ ਨੇ .
ਵਿੱਚ ਤ੍ਰਿੰਝਣ
ਸੰਗ ਸਹੇਲੀਆਂ ਦੇ
ਝੂਟਾਂ ਪੀਂਘ ਮੈਂ
ਹਰ ਹੁਲਾਰੇ ਨਾਲ
ਆਵੇਂ ਯਾਦ ਤੂੰ
ਧੜਕਣ ਵਧਾਵੇ
ਯਾਦਾਂ ਦੀ ਲੜੀ
ਉੱਤੋਂ ਵੱਗਦੀ ਪੌਣ
ਸੀਨੇ ਮੇਰੇ ' ਚ
ਅੱਗ ਦੇ ਲਾਂਬੂ ਲਾਵੇ
ਬੁਝਾਵੇ ਕੌਣ
ਜਦ ਬਰਸਾਤ ਵੀ
ਬਣ ਵੈਰਨ
ਤਿੱਖੇ ਤੀਰ ਚਲਾਵੇ
ਮੇਰੇ ਸੱਜਣਾ
ਨਾ ਐਂਵੇਂ ਤਰਸਾਵੀਂ
ਕਿਤੋਂ ਆ ਜਾਵੀਂ
ਠੰਡਾ ਬੁੱਲ੍ਹਾ ਬਣਕੇ
ਬਿਨ ਤੇਰੇ ਤਾਂ
ਬੜਾ ਸਤਾਉਂਦਾ ਏ
ਮਰ ਜਾਣਾ ਸਾਵਣ
******
ਰਾਖ ਵਿਚ ਅੰਗਾਰਾ ਫਰੋਲਦਾ ਹਾਂ
ਮੈਂ ਹਰ ਪਲ ਖੁਦ ਨੂੰ ਤੋਲਦਾ ਹਾਂ ।
ਸੁਹਾਨਾ ਹੋ ਸਕੇ ਦੁਨਿਆ ਦਾ ਮੌਸਮ
ਪਿਆਰ ਫਿਜਾਵਾਂ ਵਿਚ ਘੋਲਦਾ ਹਾਂ ।
ਕਦੇ ਮੈਂ ਚੁੱਪ ਹਾਂ ਬੋਲਦੇ ਹੋਏ
ਕਦੇ ਚੁੱਪ ਵਿਚ ਵੀ ਬੋਲਦਾ ਹਾਂ ।
ਭੁੱਲ ਜਾਵਾਂ, ਕਦੇ ਫਿਰ ਯਾਦ ਆਵੇ
ਕਿਉਂ ਜਿੰਦ ਮਿੱਟੀ ਵਿਚ ਰੋਲਦਾ ਹਾਂ ।
ਮਿਲ ਜਾਵੇ ਸ਼ਾਇਦ ਮੈਨੂੰ ਖੁਦਾ
ਵਿਰਕ ਹਰ ਚੀਜ ਟੋਲਦਾ ਹਾਂ ।
***********